By Prof. Dr. Rajinder Kaur and Prof. Jatinder Singh
(This is our ninth vernacular post under the 2021 edition of the JILS Vernacular Publication Initiative, that marks the celebration of the International Mother Language Day. Through this initiative, we at JILS, are attempting to take a small step towards making legal education and information more inclusive and accessible, and countering the stronghold of English in legal academia with publication in vernacular languages.)
ਹਿੰਦੋਸਤਾਨੀ ਸਮਾਜ ਦਾ ਤਾਣਾ-ਬਾਣਾ ਬੜਾ ਗੁੰਝਲਦਾਰ ਅਤੇ ਪੇਚੀਦਾ ਹੈ,ਇਥੋਂ ਦੇ ਲੋਕ ਕਈ ਜਾਤਾਂ,ਧਰਮਾਂ ਤੇ ਜ਼ੁਬਾਨਾ ਦੀਆਂ ਤੰਦਾਂ ਵਿਚ ਵੰਡੇ ਤੇ ਬੱਝੇ ਹੋਏ ਹਨ।ਜਾਤ,ਜਮਾਤ,ਜ਼ੁਬਾਨ ਤੇ ਮਜ਼ਹਬ ਦੇ ਤੰਦ ਪੇਚੀਦਾ ਵੀ ਹਨ ਅਤੇ ਇੰਨ੍ਹਾਂ ਤੰਦਾਂ ਨੂੰ ਸਮਝਣਾ ਤੇ ਸੁਲਝਾਉਣਾ ਹੋਰ ਵੀ ਕਠਿਨ ਬਣ ਜਾਂਦਾ ਹੈ ਜਦੋਂ ਸਮਾਜ ਤੰਗ ਅਤੇ ਬੰਦ ਤਬੀਅਤ(close society) ਵਾਲਾ ਹੋਵੇ।ਜਮਾਤ ਦਾ ਸਿੱਧਾ ਸਬੰਧ ਅਰਥ ਵਿਵਸਥਾ ਨਾਲ ਹੈ ਅਤੇ ਜਾਤ ਨੂੰ ਸਮਝਣ ਲਈ ਸਮਾਜ-ਵਿਗਆਨੀਆਂ ਵਲੋਂ ਪੁਸ਼ਤਾਂ,ਉਸਾਰ ਨਿਵਾਣ,ਸੁਜਾਤੀ ਦਰਜਾਬੰਦੀ ਜਿਹੇ ਸੰਕਲਪਾਂ ਨੂੰ ਅਧਾਰ ਬਣਾਇਆ।
2011 ਦੀ ਜਨਗਣਨਾ ਮੁਤਾਬਕ ਪੰਜਾਬ ਵਿਚ ਦਲਿਤ ਲੋਕਾਂ ਦੀ ਗਿਣਤੀ 31.9% ਸੀ ਪਰ ਰਾਸ਼ਟਰੀ ਅਪਰਾਧ ਬਿਓਰੋ (national crime record bureau) 2019 ਦੇ ਮੁਤਾਬਕ46000 ਅਪਰਾਧ ਵਿਚੋਂ 2019 ਵਿਚ ਅਨੁਸੂਚਿਤ ਜਾਤੀ ਵਿਰੁੱਧ ਸਭ ਤੋਂ ਘੱਟ 166 ਕੇਸ ਦਰਜ ਹਨ।ਜਿਸ ਦਾ ਮੁੱਖ ਕਾਰਨ ਗੁਰੂ ਸਹਿਬਾਨ ਵਲੋਂ ਸਰਬ-ਸਾਂਝੀਵਾਲਤਾ,ਮਾਨਵਤਾ ਦੀਆਂ ਸਿੱਖਿਆਂਵਾਂ ਤੇ ਮਾਰਗ-ਦਰਸ਼ਨ ਦਾ ਹੈ।ਸੰਗਤ ਤੇ ਪੰਗਤ ਦੇ ਸੰਕਲਪ ਨੇ ਲੋਕਾਂ ਅੰਦਰ ਸਾਂਝੀਵਾਲਤਾ ਦੀ ਭਾਵਨਾ ਪੈਦਾ ਕੀਤੀ।ਜਿਸ ਵਿਚ ਲੰਗਰ ਪ੍ਰਥਾ ਕਰਕੇ ਹਰੇਕ ਵਰਗ,ਜਾਤ ਦੇ ਲੋਕਾਂ ਨੂੰ ਇਕ ਹੀ ਪੰਗਤ ਵਿਚ ਬੈਠਾ ਕੇ ਭੋਜਨ ਛਕਾਉਣ ਦੀ ਪਰੰਪਰਾ ਨੇ ਜਾਤ ਅਤੇ ਜਮਾਤ ਦੇ ਵਧਦੇ ਪਾੜੇ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ।ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਮੁੱਖ ਮੰਤਵ ਸਮਾਜ ਵਿਚ ਫੈਲੇ ਜਾਤ-ਪਾਤ ਅਤੇ ਭੇਦ-ਭਾਵ,ਸਮਾਜਕ ਅਸਮਾਨਤਾ ਅਤੇ ਕਰਮ-ਕਾਂਡਾਂ ਦੀ ਨਿਖੇਧੀ ਕਰਨਾ ਸੀ।ਉਨ੍ਹਾਂ ਦਾ ਮੁੱਖ ਮੰਤਵ ਗਿਆਨ ਪ੍ਰਾਪਤੀ ਦਾ ਅਧਿਕਾਰ ਸਿਰਫ ਉੱਚ ਸ਼੍ਰੇਣੀ ਜਾਂ ਜਾਤ ਦੇ ਲੋਕਾਂ ਕੋਲ ਹੀ ਨਹੀਂ ਸਗੋਂ ਹੱਥੀਂ ਕਿਰਤ ਕਰਨ ਵਾਲੇ ਕਾਮਿਆਂ ਕੋਲ ਵੀ ਹੋਣਾ ਚਾਹੀਦਾ ਹੈ।ਭਗਤ ਕਬੀਰ ਜੀ ਕਪੜਾ ਬੁਣਨ ਅਤੇ ਭਗਤ ਰਵਿਦਾਸ ਜੀ ਜੁੱਤੀਆਂ ਗੰਢਣ ਦਾ ਕੰਮ ਕਰਦੇ ਸਨ। ਭਾਰਤੀ ਸੰਵਿਧਾਨ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਰੌਸ਼ਨੀ ਵਿਚ ਦੇਖਦੇ ਹਾਂ ਤਾਂ ਉਨ੍ਹਾਂ ਵਿਚ ਬਹੁਤ ਸਾਰੀਆਂ ਸਮਾਨਤਾਵਾਂ ਨਜ਼ਰ ਆਉਂਦੀਆਂ ਹਨ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਮਾਨਵਤਾ ਦੀ ਬਰਾਬਰੀ ਦੀ ਗੱਲ ਕੀਤੀ ਗਈ ਹੈ:
ਅਵਲਿ ਅਲਹ ਨੂਰੁ ਉਪਾਇਆ ਕੁਦਰਿਤ ਕੇ ਸਭ ਬੰਦੇ॥
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥
(ਭਗਤ ਕਬੀਰ ਜੀ,ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ,ਅੰਗ 1349)
ਠੀਕ ਏਸੇ ਤਰ੍ਹਾਂ ਭਾਰਤੀ ਸਵਿਧਾਨ ਵਿਚ ਵੀ ਬਰਾਬਰਤਾ ਦੀ ਗੱਲ ਤੇ ਜ਼ੋਰ ਦਿੱਤਾ ਗਿਆ ਹੈ।ਜਦੋ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਤਿਆਰ ਕੀਤੀ ਜਾ ਰਹੀ ਸੀ ਤਾਂ ਗੈਰ-ਵਿਤਕਰਾ (non-discrimination) ਦੇ ਸੰਕਲਪ ਨੂੰ ਅਨੁਛੇਦ 15 ਦੇ ਅਧੀਨ ਵਿਚਾਰਿਆ ਗਿਆ।ਇਸ ਅਨੁਛੇਦ ਵਿਚ ਸਭ ਤੋਂ ਪਹਿਲਾਂ ਇਹ ਤੈਅ ਕੀਤਾ ਗਿਆ ਕਿ ਰਾਜ ਵਿਚ ਕਿਸੇ ਵੀ ਨਾਗਰਿਕ ਨਾਲ ਧਰਮ,ਜਾਤ ਨਸਲ, ਲਿੰਗ ਅਤੇ ਜਨਮ ਅਸਥਾਨ ਦਾ ਭੇਦ-ਭਾਵ ਨਹੀਂ ਕੀਤਾ ਜਾਵੇਗਾ ਅਤੇ ਦੂਸਰਾ 15 ਅਨੁਛੇਦ ਵਿਚ ਪ੍ਰਾਵਧਾਨ ਰੱਖਿਆ ਗਿਆ ਕਿ ਜਨਤਕ ਥਾਵਾਂ ਤੇ ਕਿਸੇ ਵੀ ਨਾਗਰਿਕ ਲਈ ਕਿਸੇ ਤਰਾਂ ਦੀ ਕੋਈ ਪਾਬੰਦੀ ਨਾ ਹੋਵੇ।ਗੁਰੂ ਨਾਨਕ ਸਾਹਿਬ ਨੇ ਵੀ ਨਿਮਨ ਵਰਗ ਦੇ ਲੋਕਾਂ ਨਾਲ ਆਪਣਾ ਪਿਆਰ ਸਨੇਹ ਬਣਾਇਆ ਅਤੇ ਉਨ੍ਹਾਂ ਨੇ ਜਾਤ-ਪਾਤ ਰਾਹੀਂ ਛੂਤ-ਛਾਤ ਦੇ ਭੈੜੇ ਰਿਵਾਜਾਂ ਨੂੰ ਖਤਮ ਕਰਨ ਤੇ ਜ਼ੋਰ ਦਿੱਤਾ।ਉਨ੍ਹਾਂ ਨੇ ਕਿਰਤੀ ਲੋਕਾਂ ਲਈ ਅਵਾਜ਼ ਬੁਲੰਦ ਕੀਤੀ।ਭਾਰਤੀ ਸੰਵਿਧਾਨ ਦੇ ਅਨੁਛੇਦ 17 ਛੂਤ –ਛਾਤ ਦੇ ਬਾਰੇ ਵਿਚ ਹੈ ਅਤੇ ਜਿਹੜੇ ਲੋਕ ਕਿਸੇ ਦੂਜੇ ਵਿਅਕਤੀ ਨਾਲ ਛੂਤ-ਛਾਤ ਦੀ ਭਾਵਨਾਂ ਰੱਖਣਗੇ,ਉਨ੍ਹਾਂ ਨੂੰ ਸਖਤ ਸਜ਼ਾ ਵੀ ਦਿੱਤੀ ਜਾਵੇਗੀ ਅਤੇ ਅਨੁਛੇਦ 18 ਕਿਸੇ ਵਿਅਕਤੀ ਨੂੰ ਨਾਮ ਦੀ ਉਪਾਧੀ ਦੇਣ ਤੋਂ ਰੋਕ ਲਗਾਉਂਦਾ ਹੈ:
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੁ ਅਤਿ ਨੀਚੁ॥
ਨਾਨਕ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥
(ਗੁਰੂ ਨਾਨਕ ਸਾਹਿਬ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ,ਅੰਗ 15)
ਇਤਿਹਾਸ ਦੇ ਮੱਧਕਾਲ ਵਿਚ ਜਦੋਂ ਜਾਤੀ ਵਿਵਸਥਾ ਗੁੰਝਲਦਾਰ ਹੁੰਦੀ ਗਈ ਤਾਂ ਗੁਰੂ ਨਾਨਕ ਦੇਵ ਨੇ ਪ੍ਰੇਮ ਭਾਵਨਾ,ਮਾਨਵਤਾ ਦੇ ਸੰਦੇਸ਼ ਰਾਹੀਂ ਜਾਤੀ ਵਿਵਸਥਾ ਵਿਚ ਫੈਲੀਆਂ ਕੁਰੀਤੀਆਂ ਨੂੰ ਦੂਰ ਕਰਨ ਦਾ ਯਤਨ ਕੀਤਾ ।ਉਨ੍ਹਾਂ ਨੇ ਜਾਤ ਦੀ ਥਾਂ ਕਿਰਤ/ਕੰਮ ਦੀ ਮਹਾਨਤਾ ਉੱਪਰ ਜ਼ੋਰ ਦਿਤਾ:
ਜਾਤਿ ਜਨਮੁ ਨਹ ਪੂਛੀਐ ਸਚ ਘਰ ਲੇਹੁ ਬਤਾਇ॥
ਸਾ ਜਾਤਿ ਸਾ ਪਤਿ ਹੈ ਜੇਹੇ ਕਰਮ ਕਮਾਇ॥
(ਗੁਰੂ ਨਾਨਕ ਸਾਹਿਬ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ,ਅੰਗ 1330)
ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨਾ ਨਾਲ ਹਿੰਦੋਸਤਾਨ ਅਤੇ ਉਸ ਤੋਂ ਵੀ ਪਾਰ ਪੈਦਲ ਚਾਰ ਉਦਾਸੀਆਂ ਕੀਤੀਆਂ ਅਤੇ ਸਮੁਚੇ ਸਮਾਜ ਵਿਚ ਫੈਲੇ ਜਾਤੀ ਵਿਵਸਥਾ ਦੇ ਕੋਹੜ ਨੂੰ ਸਮਝਣ ਅਤੇ ਉਸ ਤੋਂ ਨਿਜਾਤ ਪਾਉਣ ਦਾ ਉਪਰਾਲਾ ਕੀਤਾ।ਉਨ੍ਹਾਂ ਨੇ ਬੰਦੇ ਦੇ ਕੰਮ ਦੀ ਮਹਾਨਤਾ ਉਤੇ ਜ਼ੋਰ ਦਿਤਾ ਨਾ ਕਿ ਉਸ ਦੀ ਜਾਤ ਬਾਰੇ।ਇਸ ਕਰਕੇ ਉਨ੍ਹਾਂ ਅੰਤਲੇ 20 ਸਾਲ ਕਰਤਾਰਪੁਰ ਵਿਖੇ ਖੇਤੀਬਾੜੀ ਦਾ ਕੰਮ ਕੀਤਾ।ਸਿਰਫ ਗੁਰੂ ਨਾਨਕ ਸਾਹਿਬ ਜੀ ਨੇ ਜਾਤ ਦਾ ਵਿਰੋਧ ਨਹੀਂ ਕੀਤਾ ਸਗੋਂ ਬਾਕੀ ਸਿੱਖ ਗੁਰੂਆਂ ਨੇ ਵੀ ਜਾਤੀਵਾਦ ਦਾ ਵਿਰੋਧ ਕੀਤਾ।ਗੁਰੂ ਅਮਰਦਾਸ ਜੀ ਨੇ ਵੀ ਜਾਤ ਦੇ ਘਮੰਡ ਦਾ ਵਿਰੋਧ ਕੀਤਾ।
ਜਾਤਿ ਕਾ ਗਰਬੁ ਨ ਕਰੀਅਹਿ ਕੋਈ॥
ਬ੍ਰਹਮ ਬਿੰਦੇ ਸੋ ਬ੍ਰਹਮਣ ਹੋਈ॥
ਜਾਤਿ ਕਾ ਗਰੁਬ ਨਾ ਕਰਿ ਮੂਰਖ ਗਵਾਰਾ॥
ਇਸ ਗਰਬ ਤੇ ਚਲਹਿ ਬਹੁਤ ਵਿਕਾਰਾ॥
(ਗੁਰੂ ਅਮਰਦਾਸ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ,ਅੰਗ 1327)
ਗੁਰੂ ਅਮਰਦਾਸ ਜੀ ਲਿਖਦੇ ਹਨ ਕਿ ਬੰਦੇ ਨੂੰ ਜਾਤ ਤੇ ਮਾਣ ਕਰਨ ਦੀ ਕੋਈ ਲੋੜ ਨਹੀਂ,ਕਿਉਂਕਿ ਇਸ ਮਾਣ ਨਾਲ ਬਹੁਤ ਸਾਰੀਆਂ ਬੁਰਾਈਆਂ ਪੈਦਾ ਹੁੰਦੀਆਂ ਹਨ।
ਗੁਰੂ ਅਰਜਨ ਦੇਵ ਜੀ ਲਿਖਦੇ ਹਨ ਕਿ ਹਰੇਕ ਮਨੁੱਖ ਨੂੰ ਰੱਬ ਨੇ ਬਣਾਇਆ ਹੈ ।ਕਿਸੇ ਮਨੁੱਖ ਕੋਲ ਕੋਈ ਅਧਿਕਾਰ ਨਹੀਂ ਹੈ ਕਿ ਜਾਤ ਅਤੇ ਵਰਣ ਪ੍ਰਣਾਲੀ ਦੇ ਅਧਾਰ ਤੇ ਕਿਸੇ ਨਾਲ ਵਿਤਕਰਾ ਕਰੇ।ਇਥੋਂ ਤੱਕ ਕਿ ਅਨੁਸੂਚਿਤ ਜਾਤੀਆਂ ਅਤੇ ਕਬੀਲੇ ਵੀ ਜ਼ੁਲਮਾਂ ਦੀ ਰੋਕਥਾਮ(prevention of atrocities) ਐਕਟ 1989 ਨੂੰ ਭੇਦ-ਭਾਵ ਦੀ ਮਨਾਹੀ ਕਰਨ,ਅੱਤਿਆਚਾਰ ਨੂੰ ਰੋਕਣ ਲਈ ਬਣਾਇਆ ਗਿਆ ਹੈ ਅਤੇ ਅਨੁਸੂਚਿਤ ਜਾਤੀਆਂ ਅਤੇ ਕਬੀਲਿਆਂ ਦੇ ਖਿਲਾਫ ਨਫਰਤ ਰੋਕਣ ਲਈ ਇਸ ਐਕਟ ਰਾਹੀਂ ਨਿਮਨ ਜਾਤੀ ਦੇ ਲੋਕਾਂ ਨੂੰ ਸਮਾਜਕ ਮੁੱਖ-ਧਾਰਾ ਨਾਲ ਜੋੜਨ ਦਾ ਯਤਨ ਕੀਤਾ ਗਿਆ ਹੈ।ਸਿੱਖ ਧਰਮ-ਸ਼ਾਸ਼ਤਰ ਵਿਚ ਵੀ ਇਸੇ ਤਰ੍ਹਾਂ ਦੀਆਂ ਮਿਸਾਲਾਂ ਮਿਲਦੀਆਂ ਹਨ:
ਹਸਤ ਖੇਲਤ ਤੇਰੇ ਦੇਹੁਰੇ ਆਇਆ॥
ਭਗਤਿ ਕਰ ਨਾਮਾ ਪਕਰਿ ਉਠਾਇਆ॥1॥
ਹੀਨੜੀ ਜਾਤਿ ਮੇਰੀ ਜਾਦਿਮ ਰਾਇਆ॥
ਛੀਮੇ ਕੇ ਜਨਮਿ ਕਾਹੇ ਕਉ ਆਇਆ॥ਰਹਾਓ॥
(ਭਗਤ ਨਾਮਦੇਵ,ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ,ਅੰਗ 1164)
ਭਗਤ ਕਬੀਰ ਜੀ ਜਾਤ ਵਿਵਸਥਾ ਦੇ ਵਿਰੋਧ ਵਿਚ ਬ੍ਰਹਮਣਵਾਦ ਸੋਚ ਵਾਲੇ ਬੰਦਿਆਂ ਨਾਲ ਤਰਕ ਦੀ ਭਾਸ਼ਾ ਨਾਲ ਵਿਅੰਗ ਕਰਦੇ ਹਨ :
ਗਰਭ ਵਾਸ ਮਹਿ ਕੁਲੁ ਨਹੀਂ ਜਾਤੀ॥
ਬ੍ਰਹਮ ਬਿੰਦੁ ਤੇ ਸਭ ਉਤਪਾਤੀ॥
ਕਹੁ ਰੇ ਪੰਡਿਤ ਬਾਮਨ ਕਬ ਕੇ ਹੋਏ॥
ਬਾਮਨ ਕਹਿ ਕਹਿ ਜਨਮ ਮਤਿ ਖੋਏ ॥1॥ ਰਹਾਉ)
ਜੌ ਤੰੂ ਬਾ੍ਰਹਮਣ ਬ੍ਰਹਮਣੀ ਜਾਇਆ॥
ਤਉ ਆਨ ਬਾਟ ਕਾਹੇ ਨਹੀ ਆਇਆ॥
(ਭਗਤ ਕਬੀਰ,ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ,ਅੰਗ 324)
ਇਥੋਂ ਤੱਕ ਕਿ ਸੰਵਿਧਾਨ ਦੀ ਪ੍ਰਸਤਾਵਨਾ ਦੇ ਚੌਖਟੇ ਵਿਚ ਵੀ ਮਨੁੱਖਤਾ ਦੇ ਬਰਾਬਰੀ ਅਤੇ ਅਦਰਸ਼ਕ ਸਮਾਜ ਦਾ ਤਸੱਵਰ ਕੀਤਾ ਗਿਆ ਹੈ ਜੋ ਭਗਤ ਰਵਿਦਾਸ ਜੀ ਦੇ ਸ਼ਬਦ “ਬੇਗਮਪੁਰਾ ਸ਼ਹਰ ਕਉ ਨਾਉ” ਵਿਚ ਵੀ ਨਜ਼ਰੀ ਆਉਂਦਾ ਹੈ:
ਬੇਗਮ ਪੁਰਾ ਸਹਰ ਕਾ ਨਾਉ॥
ਦੂਖ ਅੰਦੋਹੁ ਨਹੀ ਤਿਿਹ ਠਾਉ॥
ਨਾ ਤਸਵੀਸ ਖਿਰਾਜੁ ਨ ਮਾਲੁ॥
ਖਉਫੂ ਨ ਖਤਾ ਤਰਸੁ ਜਵਾਲੁ॥
ਅਬ ਮੋਹਿ ਖੂਬ ਵਤਨ ਗਹ ਪਾਈ॥
ਊਹਾਂ ਖੈਰਿ ਸਦਾ ਮੇਰੇ ਭਾਈ॥ਰਹਾਓ॥
(ਭਗਤ ਰਵਿਦਾਸ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ,ਅੰਗ 345)
‘ਬੇਗਮਪੁਰਾ’ ਭਗਤ ਰਵਿਦਾਸ ਜੀ ਦੁਆਰਾ ਕਲਪਿਤ ਕੀਤਾ ਗਿਆ ਰਾਜ ਹੈ,ਜਿੱਥੇ ਸਾਰੇ ਬਰਾਬਰ ਹਨ ਸਥਿਤੀ ਦੇ ਅਧਾਰ ਤੇ ਕੋਈ ਫਰਕ ਨਹੀਂ ਹੈ ਕਿਉਂਕਿ ਸਮਾਨਤਾ ਦਾ ਅਧਿਕਾਰ ਸਭ ਤੋਂ ਉੱਪਰ ਹੈ। ਸੰਵਿਧਾਨ ਦੀ ਪ੍ਰਸਤਾਵਨਾ ਵਿਚ ਵੀ ‘ਰੁਤਬੇ ਦੀ ਸਮਾਨਤਾ’ ਅਤੇ ਮੌਕੇ ਦੀ ਸਮਾਨਤਾ’ ਦਾ ਜ਼ਿਕਰ ਕੀਤਾ ਗਿਆ:
“ਅਸੀਂ ਭਾਰਤ ਦੇ ਲੋਕ ਭਾਰਤ ਨੂੰ ਇਕ ਪ੍ਰਭੂਧਾਰੀ,ਸਮਾਜਵਾਦੀ,ਧਰਮ ਨਿਰਪੇਖ,ਲੋਕਤੰਤਰੀ ਗਣਰਾਜ ਬਣਾਉਣ ਲਈ ਅਤੇ ਉਸ ਦੇ ਸਭ ਨਾਗਰਿਕਾਂ ਨੂੰ ਸਮਾਜਕ,ਆਰਥਿਕ ਅਤੇ ਰਾਜਨੀਤਕ ਨਿਆਂ,ਵਿਚਾਰ ਪ੍ਰਗਟਾਉ ਵਿਸਵਾਸ਼,ਧਰਮ ਅਤੇ ਉਪਾਸਨਾ ਦੀ ਸੁਤੰਤਰਤਾ,ਪ੍ਰਤਿਸਠਾ ਅਤੇ ਅਵਸਰ ਦੀ ਸਮਾਨਤਾ ਪ੍ਰਾਪਤ ਕਰਨ ਲਈ ਅਤੇ ਉਹਨਾਂ ਸਭਨਾਂ ਵਿਚਕਾਰ ਵਿਅਕਤੀ ਦਾ ਗੌਰਵ ਸੁਨਿਸ਼ਤ ਕਰਨ ਵਾਲੀ ਬਰਾਬਰਤਾ ਵਧਾਉਣ ਲਈ ਦ੍ਰਿੜਮਨ ਹੋ ਕੇ ਆਪਣੀ ਸੰਵਿਧਾਨ ਸਭਾ ਵਿਚ ਨਵੰਬਰ 1949 ਦੀ ਛੱਬੀਵੇਂ ਦਿਨ ਇਸ ਦੁਆਰਾ ਇਸ ਸੰਵਿਧਾਨ ਨੂੰ ਅੰਗੀਕਾਰ ਕਰਦੇ ਐਕਟ,ਐਕਟ ਬਣਾਉਂਦੇ ਅਤੇ ਆਪਣੇ ਆਪ ਨੂੰ ਅਰਪਤਿ ਕਰਦੇ ਹਾਂ”
(ਭਾਰਤੀ ਸੰਵਿਧਾਨ,ਪ੍ਰਸਤਾਵਨਾ,ਪੰਨਾ-40)
‘ਬੇਗਮਪੁਰਾ’ ਸ਼ਬਦ ਵਿਚ ਉਸ ਸ਼ਹਿਰ ਵਿਚ ਜਿੱਥੇ ਦੁੱਖ ਨਹੀਂ ਹੈ,ਕੋਈ ਡਰ ਨਹੀਂ,ਕੋਈ ਧੱਬਾ ਨਹੀਂ ਹੈ ਅਤੇ ਨਾ ਕੋਈ ਤਣਾਉ ਫਿਕਰ ਹੈ। ਜਿਸ ਅਦਰਸ਼ ਰਾਜ ਦੀ ਭਗਤ ਰਵਿਦਾਸ ਜੀ ਨੇ ਕਲਪਨਾ ਕੀਤੀ,ਉਸ ਦਾ ਉਲੇਖ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿਚ ਹੈ।ਇਹ ਅਦਰਸ਼ਕ ਸ਼ਹਿਰ ਦੀ ਕਾਮਨਾ ਦਾ ਸੁਪਨਾ ਤਾਂ ਹੀ ਸਾਕਾਰ ਹੋ ਸਕਦਾ ਹੈ ਤਾਂ ਜੋ ਜਾਤ-ਪਾਤ ਦੇ ਭੇਦ –ਭਾਵ ਨੂੰ ਖਤਮ ਕਰਕੇ ਕਿਰਤ/ਕੰਮ ਦੀ ਮਹੱਤਤਾ ਨੂੰ ਪਛਾਣਿਆ ਜਾਵੇ।ਜਦੋਂ ਤੱਕ ਕਿਰਤ ਨੂੰ ਜਾਤ ਨਾਲ ਜੋੜਿਆ ਗਿਆ,ਉਦੋਂ ਜਾਤ-ਪਾਤ ਦਾ ਭੇਦ-ਭਾਵ ਵਧੇਗਾ।ਮੌਜੂਦਾ ਹਾਲਾਤ ਵਿਚ ਕਾਨੂੰਨੀ ਅਤੇ ਸੰਵਿਧਾਨਕ ਤੌਰ ਤੇ ਕਿਰਤ ਦੇ ਲਈ ਲੋੜੀਦੀਂ ਵਿਚਾਰ ਚਰਚਾ ਸਾਹਮਣੇ ਨਹੀਂ ਆਉਂਦੀ ਭਾਵੇਂ ਕਿ ਇਸ ਦੇ ਸਮਰੂਪ ਜਾਤ ਤੇ ਜਮਾਤ ਤੇ ਕਈ ਸੰਵਾਦ ਰਚਾਏ ਜਾਂਦੇ ਹਨ।ਇਸ ਕਰਕੇ ਮੌਜੂਦਾ ਸਮੇਂ ਵਿਚ ਜਾਤ ਵਰਗੀ ਭਿਅੰਕਰ ਵਿਵਸਥਾ ਨੂੰ ਸੰਵਿਧਾਨਕ ਤੇ ਗੁਰਬਾਣੀ ਦੇ ਅਰਥਾਂ ਵਿਚ ਸਮਝ ਕੇ ਇਸ ਤੋਂ ਨਿਜਾਤ ਪਾਉਣ ਦਾ ਸਾਰਥਕ ਉਪਰਾਲਾ ਕਰਨਾ ਸਮੇਂ ਦੀ ਮੁੱਖ ਲੋੜ ਹੈ।
About the Authors :
Prof. Dr. Rajinder Kaur is Director and Professor at the University Institute of Legal Studies, Panjab University, Chandigarh.
Prof. Dr. Jatinder Singh is an Assistant Professor of Punjabi, presently working at Post-Graduate Government College, Sector-11, Chandigarh.
